ਪ੍ਰੇਮ ਰਾਵਤ ਦਾ ਚਿੱਤਰ

ਪ੍ਰੇਮ ਰਾਵਤ: ਇਸ ਜੀਵਨ ਨੂੰ ਖੋਜੋ

ਮੈਂ ਜਿਸ ਬਾਰੇ ਗੱਲ ਕਰਦਾ ਹਾਂ, ਉਹ ਸੌਖਾ ਵੀ ਹੈ ਅਤੇ ਡੂੰਘਾ ਵੀ।

ਕੁਝ ਲੋਕਾਂ ਨੂੰ ਇਹ ਬਹੁਤ ਸੌਖਾ ਲੱਗ ਸਕਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਇਹ ਮਹੱਤਵਪੂਰਨ ਨਹੀਂ ਹੈ।

ਮੈਂ ਸਾਹ ਦੀ ਸਾਦਗੀ ਅਤੇ ਤੁਹਾਡੀ ਜ਼ਿੰਦਗੀ ਵਿੱਚ ਹਰ ਦਿਨ ਦੇ ਆਉਣ ਅਤੇ ਬੀਤਣ ਬਾਰੇ ਗੱਲ ਕਰਦਾ ਹਾਂ।

 

 

ਪ੍ਰੇਮ ਰਾਵਤ ਦਾ ਸਮਾਗਮ

ਮੈਂ ਲੋਕਾਂ ਨੂੰ ਯਾਦ ਦਿਵਾਉਂਦਾ ਹਾਂ ਕਿ ਆਉਣ ਵਾਲਾ ਹਰ ਦਿਨ ਉਨ੍ਹਾਂ ਸਭ ਤੋਂ ਕੀਮਤੀ ਤੋਹਫ਼ਿਆਂ ਵਿੱਚੋਂ ਇੱਕ ਹੈ ਜੋ ਉਹ ਕਦੇ ਪ੍ਰਾਪਤ ਕਰਨਗੇ।

ਜਿਸ ਦੀ ਕੋਈ ਤੁਲਨਾ ਨਹੀਂ।

ਬਹੁਤ ਸਾਰੇ ਲੋਕਾਂ ਲਈ ਇਹ ਗੱਲ ਸਮਝ ਆਉਂਦੀ ਹੈ, ਅਤੇ ਫਿਰ ਵੀ ਸਮਝ ਨਹੀਂ ਆਉਂਦੀ। ਅਸੀਂ ਜਾਣਦੇ ਹਾਂ ਕਿ ਹਰ ਦਿਨ ਮਹੱਤਵਪੂਰਨ ਹੈ, ਪਰ ਅਸੀਂ ਇਸ ਨੂੰ ਉਸ ਤਰ੍ਹਾਂ ਸਵੀਕਾਰ ਨਹੀਂ ਕਰਦੇ। ਕਿਸੇ ਦਿਨ ਦੀ ਮਹੱਤਤਾ ਇਸ ਗੱਲ ਨਾਲ ਤੋਲੀ ਜਾਂਦੀ ਹੈ ਕਿ ਅਸੀਂ ਉਸ ਦਿਨ ਕੀ ਹਾਸਲ ਕੀਤਾ ਹੈ।

 

 

ਸਾਡੀ ਜ਼ਿੰਦਗੀ ਨੂੰ ਇੱਕ ਤਰਾਜ਼ੂ ਉੱਤੇ ਰੱਖ ਦਿੱਤਾ ਗਿਆ ਹੈ, ਅਤੇ ਉਸ ਨੂੰ ਤੋਲਣ ਵਾਲੇ ਵੱਟੇ ਸਾਨੂੰ ਇਸ ਦੁਨੀਆ ਨੇ ਦਿੱਤੇ ਹਨ।

ਹਰ ਚੀਜ਼ ਨੂੰ ਅਸਫਲਤਾ ਜਾਂ ਸਫਲਤਾ ਦੇ ਪੈਮਾਨੇ ਨਾਲ ਤੋਲਾ ਜਾਂਦਾ ਹੈ।

ਫਿਰ ਵੀ ਸਾਨੂੰ ਇੱਕ ਅਨਮੋਲ ਤੋਹਫ਼ਾ ਮਿਲਿਆ ਹੈ। ਸਾਡੇ ਵਰ੍ਹੇਗੰਢ ਅਤੇ ਜਨਮਦਿਨ ਹੁੰਦੇ ਹਨ, ਅਤੇ ਅਸੀਂ ਇੱਕ ਦੂਜੇ ਨੂੰ ਤੋਹਫ਼ੇ ਦਿੰਦੇ ਹਾਂ। ਪਰ ਕੀ ਤੁਸੀਂ ਕਿਸੇ ਗੋਰਿਲੇ ਨੂੰ ਹੀਰੇ ਦੀ ਅੰਗੂਠੀ ਵਰਗੀ ਕੋਈ ਕੀਮਤੀ ਚੀਜ਼ ਦਿਓਗੇ? ਕਿਉਂ ਨਹੀਂ? ਗੋਰਿਲੇ ਦੀਆਂ ਵੀ ਤੁਹਾਡੇ ਵਾਂਗ ਉਂਗਲਾਂ ਹੁੰਦੀਆਂ ਹਨ, ਪਰ ਉਹ ਉਸ ਦੀ ਕੀਮਤ ਕਦੇ ਨਹੀਂ ਸਮਝੇਗਾ।

 

 

ਗੋਰਿਲੇ ਦੀ ਤਸਵੀਰ

ਗੋਰਿਲੇ ਨੂੰ ਹੀਰੇ ਦੀ ਅੰਗੂਠੀ ਦਿਓ, ਤਾਂ ਉਹ ਉਸ ਨੂੰ ਚੱਖਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਬੇਸੁਆਦੀ ਪਾਏਗਾ ਅਤੇ ਸ਼ਾਇਦ ਸੁੱਟ ਦੇਵੇਗਾ।

ਕੀ ਅਸੀਂ ਉਸ ਗੋਰਿਲੇ ਵਾਂਗ ਹਾਂ ਜਿਸ ਨੂੰ ਜੀਵਨ ਦੀ ਹੀਰੇ ਦੀ ਅੰਗੂਠੀ ਸੌਂਪ ਦਿੱਤੀ ਗਈ ਹੈ?

ਕਈ ਤਰੀਕਿਆਂ ਨਾਲ ਅਸੀਂ ਵੀ ਇਹੀ ਕਰਦੇ ਹਾਂ—ਇਸ ਨੂੰ ਚੱਖਦੇ ਹਾਂ ਅਤੇ ਕਹਿੰਦੇ ਹਾਂ, "ਮੇਰੀ ਜ਼ਿੰਦਗੀ ਚੰਗੀ ਨਹੀਂ ਹੈ। ਮੈਨੂੰ ਇਹ ਕਰਨਾ ਹੈ। ਮੈਨੂੰ ਇਹ ਹਾਸਲ ਕਰਨਾ ਹੈ। ਮੈਨੂੰ ਇਹ ਚੋਟੀ ਚੜ੍ਹਨੀ ਹੈ। ਮੈਨੂੰ ਉੱਥੇ ਪਹੁੰਚਣਾ ਹੈ। ਮੈਨੂੰ ਇਹ ਅਹੁਦਾ ਚਾਹੀਦਾ ਹੈ। ਮੈਨੂੰ ਆਪਣੀ ਜ਼ਿੰਦਗੀ ਵਿੱਚ ਇਹ ਵੀ ਚਾਹੀਦਾ ਹੈ ਅਤੇ ਉਹ ਵੀ।"

 

 

ਅਤੇ ਜਿਸ ਨੂੰ ਭੁਲਾ ਦਿੱਤਾ ਜਾਂਦਾ ਹੈ, ਉਹ ਹੈ ਹੋਂਦ ਦੀ ਕੀਮਤ, ਉਸ ਸਾਹ ਦੀ ਕੀਮਤ ਜੋ ਹਰ ਪਲ ਆਉਂਦਾ ਹੈ ਅਤੇ ਸਾਨੂੰ ਅਸੀਸ ਦਿੰਦਾ ਹੈ।

ਇਹੀ ਅਸੀਸ ਹੈ। ਪਰ ਸਾਨੂੰ ਇਸ ਨੂੰ ਸਵੀਕਾਰ ਕਰਨਾ ਨਹੀਂ ਆਉਂਦਾ।

 

 

ਪ੍ਰੇਮ ਰਾਵਤ ਦਾ ਸਮਾਗਮ

ਅਸੀਂ ਆਪਣੀ ਜ਼ਿੰਦਗੀ ਵਿੱਚ ਹਰ ਚੀਜ਼ ਨੂੰ ਸ਼ਰਤਾਂ ਨਾਲ ਜੋੜ ਦਿੰਦੇ ਹਾਂ:

"ਤੁਸੀਂ ਚੰਗੇ ਪੁੱਤਰ ਜਾਂ ਚੰਗੀ ਧੀ ਹੋ ਜੇ ਤੁਸੀਂ ਇਹ, ਇਹ ਅਤੇ ਇਹ ਕਰਦੇ ਹੋ। ਤੁਸੀਂ ਚੰਗੀ ਪਤਨੀ ਜਾਂ ਚੰਗੇ ਪਤੀ ਹੋ ਜੇ ਤੁਸੀਂ ਇਹ, ਇਹ ਅਤੇ ਇਹ ਕਰਦੇ ਹੋ। ਅਤੇ ਤੁਸੀਂ ਚੰਗੇ ਦੋਸਤ ਹੋ ਜੇ ਤੁਸੀਂ ਇਹ, ਇਹ ਅਤੇ ਇਹ ਕਰਦੇ ਹੋ..."

ਪਰ ਸਾਹ ਦੀ ਕੋਈ ਸ਼ਰਤ ਨਹੀਂ। ਜਦੋਂ ਸਾਨੂੰ ਸਾਹ ਦਿੱਤਾ ਜਾਂਦਾ ਹੈ, ਤਾਂ ਸਾਨੂੰ ਇਹ ਨਹੀਂ ਕਿਹਾ ਜਾਂਦਾ, "ਮੈਂ ਤੁਹਾਨੂੰ ਇਹ ਸਾਹ ਤਾਂ ਹੀ ਦਿਆਂਗਾ ਜੇ ਤੁਸੀਂ ਇਹ ਅਤੇ ਇਹ ਕਰੋ।" ਇਹ ਮੁਫ਼ਤ ਦਿੱਤਾ ਜਾਂਦਾ ਹੈ, ਬਿਨਾਂ ਕਿਸੇ ਨਿਰਣੇ ਦੇ।

 

 

ਜਦੋਂ ਤੁਸੀਂ ਸ਼ੀਸ਼ੇ ਵਿੱਚ ਦੇਖਦੇ ਹੋ, ਤਾਂ ਜਿਸ ਚਿਹਰੇ ਵੱਲ ਤੁਸੀਂ ਦੇਖ ਰਹੇ ਹੋ, ਉਹ ਤੁਹਾਡੇ ਨਿਰਣੇ ਦੀ ਮੰਗ ਨਹੀਂ ਕਰ ਰਿਹਾ।

ਉਹ ਪ੍ਰਸ਼ੰਸਾ ਮੰਗ ਰਿਹਾ ਹੈ। ਉਹ ਸਵੀਕਾਰਤਾ ਮੰਗ ਰਿਹਾ ਹੈ—ਇਸ ਜੀਵਨ ਦੀ ਸਵੀਕਾਰਤਾ, ਇਸ ਸਾਹ ਦੀ ਸਵੀਕਾਰਤਾ, ਇਸ ਦਿਲ ਦੀ ਸਧਾਰਨ ਪਿਆਸ ਦੀ ਸਵੀਕਾਰਤਾ।

 

 

ਵਰਸਾਈ ਦੇ ਦਰਸ਼ਕ

ਜਿਸ ਖੁਸ਼ੀ ਨੂੰ ਤੁਸੀਂ ਹਰ ਰੋਜ਼ ਲੱਭਦੇ ਹੋ, ਜਿਸ ਦੀ ਤੁਸੀਂ ਖੋਜ ਕਰਦੇ ਹੋ,

ਉਹ ਤੁਹਾਨੂੰ ਲੱਭ ਰਹੀ ਹੈ—ਤੁਹਾਨੂੰ ਗਲੇ ਲਗਾਉਣ ਲਈ, ਤੁਹਾਨੂੰ ਸਵੀਕਾਰ ਕਰਨ ਲਈ ਅਤੇ ਤੁਹਾਨੂੰ ਪੂਰਾ ਕਰਨ ਲਈ। ਮੈਂ ਤੁਹਾਨੂੰ ਇਹ ਦੱਸਣ ਆਇਆ ਹਾਂ ਕਿ ਜਿਸ ਸ਼ਾਂਤੀ ਦੀ ਤੁਸੀਂ ਖੋਜ ਕਰ ਰਹੇ ਹੋ, ਉਹ ਤੁਹਾਡੇ ਅੰਦਰ ਹੈ।

 

 

ਜਿਸ ਜੀਵਨ ਨੂੰ ਤੁਸੀਂ ਜੀ ਰਹੇ ਹੋ, ਉਸ ਨੂੰ ਖੋਜੋ।

ਉਸ ਨੂੰ ਉਸ ਤਰ੍ਹਾਂ ਖੋਜੋ ਜਿਸ ਤਰ੍ਹਾਂ ਇਹ ਜੀਉਣ ਲਈ ਹੈ—ਖੁਸ਼ੀ ਵਿੱਚ, ਸ਼ੁਕਰਾਨੇ ਵਿੱਚ, ਸੁੰਦਰਤਾ ਵਿੱਚ। ਹਰ ਦਿਨ ਦੀ ਸੰਭਾਵਨਾ ਨੂੰ ਖੋਜੋ। ਉਸ ਲੈਅ ਨੂੰ ਖੋਜੋ ਜਦੋਂ ਸੂਰਜ ਦਿਸਹੱਦੇ ਉੱਤੇ ਚਮਕਦਾ ਹੈ, ਰੌਸ਼ਨੀ ਆਉਂਦੀ ਹੈ ਅਤੇ ਜਾਗਰਣ ਹੁੰਦਾ ਹੈ; ਫਿਰ ਸੂਰਜ ਡੁੱਬਦਾ ਹੈ ਅਤੇ ਨੀਂਦ ਆਉਂਦੀ ਹੈ—ਸਭ ਕੁਝ ਮਿਟ ਜਾਂਦਾ ਹੈ ਅਤੇ ਇੱਕ ਹੋਰ ਦਿਨ ਸ਼ੁਰੂ ਹੁੰਦਾ ਹੈ।

 

 

ਉਸ ਨੂੰ ਖੋਜੋ।

 

ਸਰੋਤਿਆਂ ਨੂੰ ਸੁਣਦੇ ਹੋਏ

ਇਹੀ ਇਸ ਹੋਂਦ ਦਾ ਸਾਰਾ ਮਤਲਬ ਹੈ। ਇਹੀ ਸ਼ਾਂਤੀ ਦਾ ਸਾਰਾ ਮਤਲਬ ਹੈ, ਕਿਉਂਕਿ ਸ਼ਾਂਤੀ ਨਾ ਕੱਲ੍ਹ ਵਿੱਚ ਹੈ ਅਤੇ ਨਾ ਆਉਣ ਵਾਲੇ ਕੱਲ੍ਹ ਵਿੱਚ, ਸ਼ਾਂਤੀ ਅੱਜ ਹੈ।

ਆਉਣ ਵਾਲਾ ਕੱਲ੍ਹ ਉਮੀਦ ਹੈ।

ਬੀਤਿਆ ਕੱਲ੍ਹ ਸਿਰਫ਼ ਯਾਦਾਂ ਹੈ।

ਅਤੇ ਅੱਜ ਤੋਹਫ਼ਾ ਹੈ। ਸਭ ਤੋਂ ਸੱਚਾ ਤੋਹਫ਼ਾ। ਸਭ ਤੋਂ ਮਹੱਤਵਪੂਰਨ ਤੋਹਫ਼ਾ।

— ਪ੍ਰੇਮ ਰਾਵਤ