ਪ੍ਰੇਮ ਰਾਵਤ: ਦਿਲ ਦੀ ਜਾਣ-ਪਛਾਣ
ਹਰ ਇਨਸਾਨ ਦੇ ਅੰਦਰ ਅਜਿਹਾ ਕੀ ਹੈ, ਜੋ ਸਾਨੂੰ ਸਾਰਿਆਂ ਨੂੰ ਇੱਕੋ ਚੀਜ਼ ਦੀ ਚਾਹ ਰੱਖਣ ਲਈ ਪ੍ਰੇਰਦਾ ਹੈ?
ਅਸੀਂ ਖੋਜਦੇ ਹਾਂ ਅਤੇ ਹਮੇਸ਼ਾ ਖੋਜਦੇ ਰਹਾਂਗੇ, ਪਰ ਅਸੀਂ ਕੀ ਖੋਜ ਰਹੇ ਹਾਂ? ਅਸੀਂ ਚਾਹੁੰਦੇ ਹਾਂ ਅਤੇ ਹਮੇਸ਼ਾ ਚਾਹੁੰਦੇ ਰਹਾਂਗੇ, ਪਰ ਅਸੀਂ ਕੀ ਚਾਹੁੰਦੇ ਹਾਂ? ਜਦੋਂ ਤੋਂ ਇਨਸਾਨ ਧਰਤੀ ਉੱਤੇ ਹਨ, ਉਦੋਂ ਤੋਂ ਪੂਰਨਤਾ ਦਾ ਅਹਿਸਾਸ ਕਰਨ ਦੀ ਉਹ ਚਾਹ ਹਮੇਸ਼ਾ ਰਹੀ ਹੈ।
ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ, ਉਸ ਦੀ ਤੁਹਾਨੂੰ ਯਾਦ ਦਿਵਾਉਣ ਤੋਂ ਵਧੀਆ ਦਿਲ ਦੀ ਜਾਣ-ਪਛਾਣ ਹੋਰ ਕੋਈ ਨਹੀਂ ਹੋ ਸਕਦੀ।
ਮੈਂ ਇੱਥੇ ਤੁਹਾਨੂੰ ਕੋਈ ਨਵੀਂ ਜਾਣਕਾਰੀ ਦੇਣ ਨਹੀਂ ਆਇਆ, ਜਿਸ ਉੱਤੇ ਤੁਸੀਂ ਬਹਿਸ ਕਰ ਸਕੋ ਜਾਂ ਜਿਸ ਦਾ ਮੁਲਾਂਕਣ ਕਰ ਸਕੋ। ਇਹ ਗੱਲ ਧਰਮ ਬਾਰੇ ਨਹੀਂ ਹੈ। ਇਹ ਗੱਲ ਅਧਿਆਤਮਿਕਤਾ ਬਾਰੇ ਨਹੀਂ ਹੈ। ਦਰਅਸਲ, ਦੁਨੀਆ ਵਿੱਚ ਇਸ ਲਈ ਕੋਈ ਨਾਮ ਜਾਂ ਲੇਬਲ ਨਹੀਂ ਹੈ।
ਤਾਂ, ਤੁਸੀਂ ਕੀ ਜਾਣਦੇ ਹੋ? ਤੁਸੀਂ ਜਾਣਦੇ ਹੋ ਕਿ ਖੁਸ਼ ਹੋਣਾ ਕੀ ਹੈ — ਕਿ ਇਸ ਜੀਵਨ ਵਿੱਚ ਤੁਹਾਨੂੰ ਇਸ ਦੀ ਕਿੰਨੀ ਲੋੜ ਹੈ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਆਨੰਦ ਦੀ ਕਿੰਨੀ ਲੋੜ ਹੈ। ਤੁਸੀਂ ਜਾਣਦੇ ਹੋ ਕਿ ਸੰਤੋਖ ਤੁਹਾਡੇ ਲਈ ਕਿੰਨਾ ਮਹੱਤਵਪੂਰਨ ਹੈ — ਕਿ ਤੁਹਾਨੂੰ ਉਦਾਸੀ ਪਸੰਦ ਨਹੀਂ ਹੈ। ਇਹ ਸਧਾਰਨ ਨਿਯਮ ਤੁਹਾਡੇ ਆਪਣੇ ਹਨ, ਕਿਸੇ ਹੋਰ ਦੇ ਨਹੀਂ।
ਸੰਤੋਖ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ, ਖੁਸ਼ੀ ਵਿੱਚ ਰਹਿਣਾ।
ਕਿਹੋ ਜਿਹੀ ਖੁਸ਼ੀ?
ਉਹ ਨਹੀਂ ਜੋ ਪੈਦਾ ਕੀਤੀ ਜਾਂਦੀ ਹੈ, ਸਗੋਂ ਉਹ ਜੋ ਹਰ ਇਨਸਾਨ ਦੇ ਦਿਲ ਵਿੱਚ ਵੱਸਦੀ ਹੈ। ਉਹ ਆਨੰਦ ਜੋ ਪਹਿਲਾਂ ਹੀ ਹੈ — ਜਿਸ ਨੂੰ ਕਿਤੇ ਹੋਰੋਂ ਲਿਆਉਣ ਦੀ ਲੋੜ ਨਹੀਂ ਹੈ।
ਜਾਗਣ ਦੀ ਪ੍ਰਕਿਰਿਆ ਕੁਝ ਨਵਾਂ ਬਣਾਉਣ ਦੀ ਪ੍ਰਕਿਰਿਆ ਨਹੀਂ ਹੈ। ਤੁਹਾਨੂੰ ਇਸ ਨੂੰ ਬਣਾਉਣ ਦੀ ਲੋੜ ਨਹੀਂ ਹੈ। ਜੋ ਪਹਿਲਾਂ ਹੀ ਮੌਜੂਦ ਹੈ, ਉਸ ਪ੍ਰਤੀ ਤੁਸੀਂ ਜਾਗਰੂਕ ਹੁੰਦੇ ਹੋ। ਫਿਰ, ਆਪਣੇ ਦਿਲ ਨਾਲ, ਪੂਰਨਤਾ ਦਾ ਅਹਿਸਾਸ ਕਰਨ ਦੀ ਸੰਭਾਵਨਾ ਪ੍ਰਤੀ ਜਾਗੋ। ਫਿਰ, ਇਸ ਜੀਵਨ ਵਿੱਚ, ਜਾਣੋ ਕਿ ਤੁਸੀਂ ਪੂਰਨਤਾ ਦਾ ਅਹਿਸਾਸ ਕਰ ਸਕਦੇ ਹੋ। ਜਾਣੋ ਕਿ ਇਸ ਜੀਵਨ ਵਿੱਚ ਤੁਸੀਂ ਸੰਤੋਖ ਵਿੱਚ ਰਹਿ ਸਕਦੇ ਹੋ।